Thursday, 16 April 2020

ਇਸ਼ਕ Ishq Punjabi Love Story

0




ਵਿਆਹ ਦੀ ਵਰੇਗੰਢ ਮੌਕੇ ਸਾਨੂੰ ਦੋਹਾਂ ਨੂੰ ਜਾਣ ਬੁੱਝ ਕੇ ਹੀ ਭੀੜੇ ਜਿਹੇ ਸੋਫੇ ਤੇ ਕੋਲ ਕੋਲ ਬਿਠਾਇਆ ਗਿਆ..
ਬਥੇਰੀ ਨਾਂਹ ਨੁੱਕਰ ਕੀਤੀ ਪਰ ਕਿੰਨੇ ਸਾਰੇ ਪੋਤਰੇ ਦੋਹਤਿਆਂ ਨੇ ਪੇਸ਼ ਨਾ ਜਾਣ ਦਿੱਤੀ.. ਓਥੇ ਬੈਠੇ ਬੈਠੇ ਦੀ ਮੇਰੀ ਸੁਰਤ ਤਕਰੀਬਨ ਪੰਜਾਹ ਵਰੇ ਪਹਿਲਾਂ ਜੇਠ ਮਹੀਨੇ ਢੁੱਕੀ ਆਪਣੀ ਜੰਝ ਵੱਲ ਮੁੜ ਗਈ..
ਕਿੰਨੀਆਂ ਸਾਰੀਆਂ ਰੰਗ ਬਰੰਗੀਆਂ ਪਰਾਂਦੀਆਂ ਨਾਲ ਸ਼ਿੰਗਾਰੇ ਹੋਏ ਤਕਰੀਬਨ ਪੰਦਰਾਂ ਸੋਲਾਂ ਟਾਂਗੇ..ਇੱਕੋ ਲਾਈਨ ਸਿਰ ਤੁਰੀ ਜਾ ਰਹੇ ਸਨ..ਪੂਰੀ ਮੌਜ ਨਾਲ..ਤੀਹ ਕਿਲੋਮੀਟਰ ਦਾ ਓਬੜ-ਖਾਬੜ ਸਫ਼ਰ ਪੂਰੇ ਛੇਆਂ ਘੰਟਿਆਂ ਵਿਚ ਮੁੱਕਿਆ.. ਪਛੇਤੀ ਕਣਕ ਸਾਂਭਦੇ ਹੋਏ ਕਿੰਨੇ ਸਾਰੇ ਸ਼ੋਕੀ ਕੰਮ ਧੰਦਾ ਛੱਡ ਤੁਰੀ ਜਾਂਦੀ ਜੰਝ ਵੇਖਣ ਰਾਹ ਵੱਲ ਨੂੰ ਦੌੜ ਪਿਆ ਕਰਦੇ..
ਖੁੱਲੇ ਖ਼ਾਸੇ ਟਾਈਮ..ਨਾ ਕਿਸੇ ਨੂੰ ਲੇਟ ਹੋਣ ਦਾ ਫਿਕਰ ਤੇ ਨਾ ਹੀ ਹਨੇਰੇ ਵਿਚ ਪਿਛਾਂਹ ਪਰਤਣ ਦੀ ਚਿੰਤਾ..
ਅਗਲੇ ਘਰ ਅੱਪੜ ਕੇ ਪਤਾ ਲੱਗਣਾ ਸੀ ਜੰਝ ਦਾ ਕਿੰਨੇ ਦਿਨ ਦਾ ਪੜਾਅ ਏ..
ਅਗਲੇ ਪਾਸੇ ਜਾ ਢੁੱਕੇ ਤਾਂ ਵੱਡੀ ਸਾਰੀ ਪਸਾਰ ਵਿਚ ਖਾਣੀ-ਪੀਣੀ ਤੇ ਨਹਾਉਣ ਧੋਣ ਦਾ ਬੰਦੋਬਸਤ ਸੀ..
ਸਾਰਾ ਪਿੰਡ ਕੋਠੇ ਚੜ-ਚੜ ਵੇਖਣ ਆਇਆ..ਭੰਡਾਂ/ਲਾਗੀਆਂ ਅਤੇ ਮਰਾਸੀਆਂ ਦੀ ਪੂਰੀ ਚੜਾਈ..ਦੋ ਮੰਜਿਆਂ ਦੇ ਜੋੜ ਤੇ ਟਿਕਾਇਆ ਗਰਾਰੀ ਨਾਲ ਚੱਲਣ ਵਾਲਾ ਸਪੀਕਰ..ਤੇ ਉੱਤੇ ਵੱਜਦਾ ਮਸਤਾਨਾ,ਸੁਰਿੰਦਰ ਕੌਰ..ਅਤੇ ਲੰਮੀਂ ਹੇਕ ਵਾਲੀ ਬਾਵਾ! ਜਦੋਂ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਪੱਕਾ ਹੋਇਆ ਤਾਂ ਕਈਂ ਭਾਨੀਆਂ ਵੀ ਵਜੀਆਂ..
ਕਿਸੇ ਆਖਿਆ ਅੱਖੀਆਂ ਦਾ ਉਗਾੜ ਛੋਟਾ ਏ..ਕੋਈ ਆਖੇ ਕਦ ਦੀ ਮੱਧਰੀ ਏ..ਕੋਈ ਆਹਂਦਾ ਬਾਪੂ ਹੁੱਕਾ ਪੀਂਦਾ..!
ਫੇਰ ਮੱਸਿਆ ਦੇ ਮੇਲੇ ਵਿਚ ਇੱਕ ਦਿਨ ਚੋਰੀ ਚੋਰੀ ਦੂਰੋਂ ਵੇਖੀਆਂ ਇਹਨਾਂ ਛੋਟੇ ਉਗਾੜ ਵਾਲੀਆਂ ਅੱਖੀਆਂ ਦਾ ਐਸਾ ਤੀਰ ਵੱਜਾ ਕੇ ਮੁੜ ਕੇ ਕੋਈ ਹੋਰ ਸੂਰਤ ਮਨ ਵਿਚ ਟਿੱਕ ਹੀ ਨਾ ਸਕੀ..! ਅਨੰਦ ਕਾਰਜ ਮੌਕੇ ਲੰਮੇ ਸਾਰੇ ਸਾਰੇ ਘੁੰਡ ਵਿਚ ਲੁਕੀ ਹੋਈ ਨੂੰ ਕਿੰਨੇ ਸਾਰੇ ਭਰਾਵਾਂ ਨੇ ਚੁੱਕ ਕੇ ਪੰਡਾਲ ਵਿਚ ਲਿਆਂਦਾ..
ਜੀ ਕੀਤਾ ਕੇ ਇੱਕ ਵਾਰ ਧੌਣ ਟੇਢੀ ਜਿਹੀ ਕਰਕੇ ਵੇਖਾਂ ਤਾਂ ਸਹੀ..ਬਣਿਆ ਫੱਬਿਆ ਮੁਹਾਂਦਰਾਂ ਕਿੱਦਾਂ ਦਾ ਲੱਗਦਾ ਏ ਪਰ ਏਨੇ ਸਾਰੇ ਭਰਾ ਵੇਖ ਹੀਆ ਜਿਹਾ ਨਾ ਪਿਆ..
ਫੇਰ ਜਦੋ ਨਾਲਦੀ ਨੇ ਸਿੱਖਿਆ ਪੜਨੀ ਸ਼ੁਰੂ ਕੀਤੀ ਤਾਂ ਇਸਦਾ ਰੋਣ ਨਿੱਕਲ ਗਿਆ..ਨਾਲ ਹੀ ਮੇਰਾ ਵੀ ਮਨ ਭਰ ਆਇਆ!
ਪੰਜਾਹ ਸਾਲ ਪਹਿਲਾਂ ਵਾਲੀਆਂ ਓਹਨਾ ਅਨਮੋਲ ਘੜੀਆਂ ਨਾਲ ਜੁੜੀ ਹੋਈ ਮੇਰੀ ਸੂਰਤ ਓਦੋਂ ਟੁੱਟੀ ਜਦੋਂ ਕੰਨ ਪਾੜਵੇਂ ਸੰਗੀਤ ਦੇ ਰੌਲੇ ਰੱਪੇ ਵਿਚ ਨਾਲਦੀ ਨੇ ਕੂਹਣੀ ਨਾਲ ਹੁੱਝ ਜਿਹੀ ਮਾਰੀ..ਸ਼ਾਇਦ ਬਿਨਾ ਆਖਿਆ ਹੀ ਕੁਝ ਪੁੱਛ ਰਹੀ ਸੀ..”ਧਿਆਨ ਕਿੱਧਰ ਏ ਤੁਹਾਡਾ”? ਮਿਲ ਰਹੀਆਂ ਵਧਾਈਆਂ ਅਤੇ ਸ਼ੁਬ-ਕਾਮਨਾਵਾਂ ਦੇ ਨਾ ਮੁੱਕਣ ਵਾਲੇ ਸਿਲਸਿਲੇ ਦੇ ਦੌਰਾਨ ਗਹੁ ਨਾਲ ਉਸ ਵੱਲ ਤੱਕਿਆ ਤਾਂ ਇੰਝ ਲੱਗਿਆ ਫੁਲਵਾੜੀ ਦੇ ਫੁਲ ਅਜੇ ਵੀ ਕਾਫੀ ਤਰੋ ਤਾਜਾ ਨੇ ..ਸ਼ਾਇਦ ਦੋਹਤੀਆਂ ਪੋਤੀਆਂ ਅਤੇ ਨੂਹਾਂ ਧੀਆਂ ਨੇ ਅੱਜ ਧੱਕੇ ਨਾਲ ਥੋੜਾ ਬਹੁਤ ਮੇਕ ਅੱਪ ਜੂ ਕਰਵਾ ਦਿੱਤਾ ਸੀ! ਅਤੀਤ ਦੇ ਵਹਿਣ ਵਿਚ ਵਹਿੰਦੇ ਹੋਏ ਨੇ ਹੌਲੀ ਜਿਹੀ ਉਸਦਾ ਹੱਥ ਫੜ ਲਿਆ..
ਉਸਨੇ ਵੀ ਇਸ ਵਾਰ ਛਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ..ਫੇਰ ਘੜੀ ਕੂ ਮਗਰੋਂ ਉਸਨੇ ਅਛੋਪਲੇ ਜਿਹੇ ਨਾਲ ਆਪਣਾ ਸਿਰ ਮੇਰੇ ਮੋਢੇ ਤੇ ਟਿਕਾ ਦਿੱਤਾ..
ਮੈਨੂੰ ਅੰਤਾਂ ਦੀ ਖੁਸ਼ੀ ਦੇ ਨਾਲ ਨਾਲ ਥੋੜਾ ਫਿਕਰ ਜਿਹਾ ਵੀ ਹੋਇਆ ਕੇ ਪਤਾ ਨਹੀਂ ਸੁਵੇਰੇ ਆਪਣੀ ਦਵਾਈ ਲਈ ਵੀ ਸੀ ਕੇ ਨਹੀਂ..ਉਸਨੂੰ ਹਲੂਣਿਆ ਤਾਂ ਉਸਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਜੂ ਸਨ!
ਸਾਨੂੰ ਇੰਝ ਬੈਠਿਆਂ ਦੇਖ ਇੱਕ ਬੇਪਛਾਣ ਜਿਹਾ ਨਵਾਂ ਵਿਆਹਿਆ ਜੋੜਾ ਫੋਟੋ ਖਿਚਾਉਣ ਸਾਡੇ ਪਿੱਛੇ ਆਣ ਖਲੋ ਗਿਆ..
ਕੈਮਰੇ ਦੀ ਫਲੈਸ਼ ਦੇ ਨਾਲ ਹੀ ਪਿੱਛੋਂ ਅਵਾਜ ਆਈ..ਚੂੜੇ ਵਾਲੀ ਆਪਣੇ ਨਾਲਦੇ ਨੂੰ ਆਖ ਰਹੀ ਸੀ..”ਅਕਲ ਸਿੱਖੋ ਕੁਝ ਤੁਸੀਂ ਵੀ..ਆ ਵੇਖੋ ਕਿੱਡੇ ਪਿਆਰ ਨਾਲ ਬੈਠੇ ਨੇ ਦੋਵੇਂ..ਇਸ਼ਕ ਭਾਵੇਂ ਪੰਜਾਹ ਸਾਲ ਪੂਰਾਣਾ ਏ ਪਰ ਮੁਹੱਬਤ ਅਜੇ ਵੀ ਡੁੱਲ ਡੁੱਲ ਪੈ ਰਹੀ ਏ..”
ਏਨੀ ਗੱਲ ਸੁਣ ਮੈਂ ਮਨ ਹੀ ਮਨ ਵਿਚ ਹੱਸ ਪਿਆ..ਜੀ ਕੀਤਾ ਕੇ ਪਿਛਾਂਹ ਮੁੜ ਉਸਨੂੰ ਆਖ ਦੇਵਾਂ ਕੇ ਬੀਬਾ ਇਹ ਇਸ਼ਕ ਵੀ ਕਦੇ ਪੂਰਾਣਾ ਹੋਇਆ ਏ?..ਇਸ਼ਕ ਤਾਂ ਹਰਦਮ ਤਾਜਾ ਰਹਿੰਦਾ ਭਾਵੇਂ ਦਾਹੜੀ ਹੋ ਜੇ ਚਿੱਟੀ..!

0 comments:

Post a Comment